5.18.2010

ਕੁੜੀ / ਅਮਰਜੀਤ ਕੌਂਕੇ




ਬਚਪਨ ਤੋਂ ਜੋਬਨ ਦਾ ਪੁਲ ਪਾਰ ਕਰਦੀ
ਕਿਵੇਂ ਚਿੜੀਆਂ ਵਾਂਗੂ ਹੱਸਦੀ ਹੈ
ਕੁੜੀ

ਘਰ ਵਿਚ ਦੱਬੇ ਪੈਰੀਂ ਤੁਰਦੀ
ਭੁਖ ਤੋਂ ਬੇਖ਼ਬਰ
ਪਿਓ ਦੀ ਗੁਰਬਤ ਤੋਂ ਅਨਜਾਣ
ਸਕੂਲ ਵਿਚ ਕੁੜੀਆਂ ਦੇ ਨਾਂ ਕੁਨਾਂ ਧਰਦੀ
ਚਿੜੀਆਂ ਵਾਂਗੂ ਲਗਦੀ ਹੈ ਕੁੜੀ
ਹੁਣੇ ਉਡਣ ਲਈ ਪਰ ਤੋਲਦੀ

ਹੋਰ ਦੋ ਚਾਰ ਵਰ੍ਹਿਆਂ ਨੂੰ
ਸਖੀਆਂ ਦੇ ਝੁੰਡ 'ਚ ਘਿਰੀ
ਸੂਹੇ ਸਾਲੂ 'ਚ ਲਿਪਟੀ
ਸਹੁਰੇ ਘਰ ਜਾਏਗੀ ਕੁੜੀ
ਕੀ ਬਚਾ ਕੇ ਰਖ ਸਕੇਗੀ ਓਹ
ਆਪਣੀ ਤਿਤਲੀਆਂ ਜਿਹੀ ਸ਼ੋਖੀ
ਤੇ ਇਹ ਗੁਲਾਬੀ ਮੁਸਕਾਨ
ਗ੍ਰਿਹਸਥ ਦੀਆਂ ਤਮਾਮ
ਮੁਸ਼ਕਿਲਾਂ ਵਿਚ
ਬਚੀ ਰਹਿ ਸਕੇਗੀ ਕੀ
ਉਸਦੀ ਸਾਰੀ ਮਾਸੂਮੀਅਤ

ਕਿਵੇਂ ਬੇਖ਼ਬਰ ਆਉਣ ਵਾਲੇ ਵਰ੍ਹਿਆਂ ਤੋਂ
ਚਿੜੀਆਂ ਵਾਂਗੂ ਚਹਿਕਦੀ ਹੈ
ਕੁੜੀ..........

1 comment:

  1. ਮਹਿਰਾਬਾਂ
    ਇੱਕ ਮਹਿਰਾਬ ਸਰੂ ਦਾ ਬੂਟਾ
    ਪਰ ਅੱਖਾਂ ਵਿੱਚ ਟੋਏ
    ਬੀਤ ਗਏ ਨੂੰ ਚੇਤੇ ਕਰਕੇ
    ਮੁੜ ਮੁੜ ਬੂਹਾ ਢੋਏ.

    ਇੱਕ ਮਹਿਰਾਬ ਕਸੀਦਾ ਕੱਢੇ
    ਕਿੱਕਰ ਦੇ ਮੁਢ ਉੱਤੇ
    ਫਿਰ ਵੀ ਫੁੱਲ ਕੌਲਾਂ ਦੇ ਕੱਚੇ
    ਨਹੀਂ ਉਠਦੇ ਸੁੱਤੇ.

    ਇੱਕ ਮਹਿਰਾਬ ਗਰੀ ਦਾ ਟੋਟਾ
    ਖਿੜੀ ਕਪਾਹ ਦੀ ਫੁੱਟੀ
    ਚੜ੍ਹਦੀ ਉਮਰੇ ਜਿਵੇਂ ਪਲਾਹੀ
    ਹੋਵੇ ਬਣ ’ਚੋਂ ਕੱਟੀ .


    ਇੱਕ ਮਹਿਰਾਬ ਨਿਰੀ ਸੰਧਿਆ ਹੈ
    ਵੇਸ ਗੇਰੂਆਂ ਪਾਇਆ
    ਦਸਤਕ ਵਾਂਗਰ ਬੂਹੇ ਚਿਪਕੀ
    ਜਿਉਂ ਹੌਕਾ ਤਰਹਾਇਆ .

    ਇੱਕ ਮਹਿਰਾਬ ਸੰਖ ਪੂਰਦੀ
    ਠਾਕਰ ਦੁਆਰੇ ਅੰਦਰ
    ਪਾਰਵਤੀ ਲਈ ਤਹਿਖਾਨਾ ਹੈ
    ਜਿਥੇ ਸ਼ਿਵ ਦਾ ਮੰਦਰ .

    ਇੱਕ ਮਹਿਰਾਬ ਸ਼ੀਸ਼ ਮਹਿਲ ਦੀ
    ਰੰਗਸ਼ਾਲਾ ਵਿੱਚ ਸੁੱਤੀ
    ਸੋਨੇ ਦੀਆਂ ਤਾਰਾਂ ਵਿੱਚ ਕੱਢੀ
    ਜਿਉਂ ਚਮੜੇ ਦੀ ਜੁੱਤੀ .


    ਇੱਕ ਮਹਿਰਾਬ ਸੜਕ ਤੇ ਚਿਪਕੀ
    ਲੁੱਕ ਦੇ ਅੰਦਰ ਝਾਕੇ
    ਅੰਬਰ ਦੀ ਪੌੜੀ ਤੇ ਚੜ੍ਹਦੀ
    ਤਰਲਾ ਲਾਈ ਢਾਕੇ.

    ਇੱਕ ਮਹਿਰਾਬ ਦੰਦਾਸਾ ਮਲ ਕੇ
    ਟਿੱਚਰ ਬਣੀ ਖਲੋਤੀ
    ਜੋ ਜਦ ਚਾਹੇ ਉਹਦੇ ਵਿਹੜੇ
    ਬੰਨ੍ਹ ਸਕਦਾ ਹੈ ਬੋਤੀ .

    ਇੱਕ ਮਹਿਰਾਬ ਰੋਟੀ ਦਾ ਟੁਕੜਾ
    ਮਿਹਨਤ ਦੇ ਦਰਵਾਜੇ
    ਜਿਸਦੀ ਖਾਤਰ ਜੂਝ ਰਹੇ ਹਨ
    ਹੱਕਾਂ ਦੇ ਸ਼ਹਿਜ਼ਾਦੇ .

    ReplyDelete