5.18.2010

ਕੁੜੀ / ਅਮਰਜੀਤ ਕੌਂਕੇ




ਬਚਪਨ ਤੋਂ ਜੋਬਨ ਦਾ ਪੁਲ ਪਾਰ ਕਰਦੀ
ਕਿਵੇਂ ਚਿੜੀਆਂ ਵਾਂਗੂ ਹੱਸਦੀ ਹੈ
ਕੁੜੀ

ਘਰ ਵਿਚ ਦੱਬੇ ਪੈਰੀਂ ਤੁਰਦੀ
ਭੁਖ ਤੋਂ ਬੇਖ਼ਬਰ
ਪਿਓ ਦੀ ਗੁਰਬਤ ਤੋਂ ਅਨਜਾਣ
ਸਕੂਲ ਵਿਚ ਕੁੜੀਆਂ ਦੇ ਨਾਂ ਕੁਨਾਂ ਧਰਦੀ
ਚਿੜੀਆਂ ਵਾਂਗੂ ਲਗਦੀ ਹੈ ਕੁੜੀ
ਹੁਣੇ ਉਡਣ ਲਈ ਪਰ ਤੋਲਦੀ

ਹੋਰ ਦੋ ਚਾਰ ਵਰ੍ਹਿਆਂ ਨੂੰ
ਸਖੀਆਂ ਦੇ ਝੁੰਡ 'ਚ ਘਿਰੀ
ਸੂਹੇ ਸਾਲੂ 'ਚ ਲਿਪਟੀ
ਸਹੁਰੇ ਘਰ ਜਾਏਗੀ ਕੁੜੀ
ਕੀ ਬਚਾ ਕੇ ਰਖ ਸਕੇਗੀ ਓਹ
ਆਪਣੀ ਤਿਤਲੀਆਂ ਜਿਹੀ ਸ਼ੋਖੀ
ਤੇ ਇਹ ਗੁਲਾਬੀ ਮੁਸਕਾਨ
ਗ੍ਰਿਹਸਥ ਦੀਆਂ ਤਮਾਮ
ਮੁਸ਼ਕਿਲਾਂ ਵਿਚ
ਬਚੀ ਰਹਿ ਸਕੇਗੀ ਕੀ
ਉਸਦੀ ਸਾਰੀ ਮਾਸੂਮੀਅਤ

ਕਿਵੇਂ ਬੇਖ਼ਬਰ ਆਉਣ ਵਾਲੇ ਵਰ੍ਹਿਆਂ ਤੋਂ
ਚਿੜੀਆਂ ਵਾਂਗੂ ਚਹਿਕਦੀ ਹੈ
ਕੁੜੀ..........